ਪਟਿਆਲਾ: 30 ਸਤੰਬਰ, 2014

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸੰਪੰਨ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਲਾਅਨ ਟੈਨਿਸ (ਪੁਰਸ਼) ਚੈਂਪੀਅਨਸ਼ਿਪ ਦੀ ਟਰਾਫ਼ੀ ਮੋਦੀ ਕਾਲਜ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਟੀਮ ਨੂੰ ਹਰਾ ਕੇ ਜਿੱਤ ਲਈ ਹੈ। ਮੋਦੀ ਕਾਲਜ ਦੀ ਜੇਤੂ ਟੀਮ ਵਿਚ ਰੂਬਲ ਸ਼ੈਂਡੀਲੀਆ, ਰੋਨਿਤ ਸਿੰਘ ਬਿਸ਼ਟ, ਸੰਦੀਪ ਕੁਮਾਰ, ਸੌਰਵ ਸ਼ਰਮਾ ਅਤੇ ਕੁੰਵਰ ਸੋਹਰਾਬ ਸ਼ਾਮਲ ਸਨ। ਨੈਸ਼ਨਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਚੁਪਕੀ (ਪਟਿਆਲਾ) ਨੇ ਤੀਜਾ ਸਥਾਨ ਅਤੇ ਸ਼ਹੀਦ ਕਾਂਸ਼ੀ ਰਾਮ ਕਾਲਜ ਆਫ਼ ਫ਼ਿਜ਼ੀਕਲ ਐਜੂਕੇਸ਼ਨ, ਭਾਗੋਮਾਜਰਾ (ਖਰੜ) ਦੀ ਟੀਮ ਚੌਥੇ ਸਥਾਨ ਤੇ ਰਹੀ।

ਮੋਦੀ ਕਾਲਜ ਵਿਖੇ ਇਸ ਟੂਰਨਾਮੈਂਟ ਦੇ ਵਿਦਾਇਗੀ ਸੈਸ਼ਨ ਮੌਕੇ ਪਟਿਆਲਾ ਦੇ ਮੇਅਰ ਸ. ਅਮਰਿੰਦਰ ਸਿੰਘ ਬਜਾਜ ਮੁੱਖ ਮਹਿਮਾਨ ਵਜੋਂ ਪੁੱਜੇ ਤੇ ਜੇਤੂ ਖਿਡਾਰੀਆਂ ਨੂੰ ਟਰਾਫ਼ੀਆਂ ਵੰਡੀਆਂ। ਮੋਦੀ ਕਾਲਜ ਦੇ ਖਿਡਾਰੀ ਰੂਬਲ ਨੂੰ ਸਰਵੋਤਮ ਖਿਡਾਰੀ ਦਾ ਸਨਮਾਨ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਸ੍ਰੀ ਬਜਾਜ ਨੇ ਕਿਹਾ ਕਿ ਅੱਜ ਪੰਜਾਬੀ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਖੇਡਾਂ ਵਿਚ ਹਿੱਸਾ ਲੈਣ ਨਾਲ ਨੌਜਾਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਜਾ ਸਕਦਾ ਹੈ। ਖੇਡਾਂ ਸਿਰਫ਼ ਸਰੀਰਾਂ ਨੂੰ ਹੀ ਤੰਦਰੁਸਤ ਨਹੀਂ ਰੱਖਦੀਆਂ ਸਗੋਂ ਮਨਾਂ ਨੂੰ ਵੀ ਨਿਰਮਲ ਬਣਾਉਂਦੀਆਂ ਹਨ। ਉਨ੍ਹਾਂ ਨੇ ਮੋਦੀ ਕਾਲਜ ਦੁਆਰਾ ਖੇਡਾਂ ਦੇ ਖੇਤਰ ਵਿਚ ਕੀਤੀਆਂ ਉਚੇਰੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਅਵਸਰ ਤੇ ਪੰਜਾਬ ਸਕੂਲ ਸਪੋਰਟਸ ਵਿਭਾਗ ਦੇ ਡਿਪਟੀ ਡਾਇਰੈਕਟਰ ਸ. ਸਰਬਜੀਤ ਸਿੰਘ ਤੂਰ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਜੇਤੂ ਖਿਡਾਰੀਆਂ ਤੇ ਉਨ੍ਹਾਂ ਦੇ ਅਧਿਆਪਕ ਇੰਚਾਰਜਾਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਮੋਦੀ ਕਾਲਜ ਪੰਜਾਬੀ ਯੂਨੀਵਰਸਿਟੀ ਵਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਡ ਸਰਗਰਮੀਆਂ ਨੂੰ ਪੂਰੀ ਲਗਨ ਨਾਲ ਜਾਰੀ ਰਖੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਾਲਜ ਵਿਚ ਜਿਥੇ ਖਿਡਾਰੀਆਂ ਦੀ ਫੀਸ ਮਾਫ਼ੀ ਤੇ ਹੋਰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਥੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਂਦੇ ਹਨ।

ਮੁੱਖ ਮਹਿਮਾਨ ਸ. ਅਮਰਿੰਦਰ ਸਿੰਘ ਬਜਾਜ, ਵਿਸ਼ੇਸ਼ ਮਹਿਮਾਨ ਸ. ਸਰਬਜੀਤ ਸਿੰਘ ਤੂਰ, ਕਾਲਜ ਦੇ ਮੈਡੀਕਲ ਅਫ਼ਸਰ ਡਾ. ਕੇਵਲ ਕ੍ਰਿਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਲਆਨ ਟੈਨਿਸ ਕੋਚ ਸ੍ਰੀ ਪ੍ਰਵੇਸ਼ ਕੁਮਾਰ ਨੂੰ ਯਾਦ-ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਦੌਰਾਨ ਮੰਚ ਸੰਚਾਲਨ ਡਾ. ਹਰਚਰਨ ਸਿੰਘ ਨੇ ਕੀਤਾ। ਕਾਲਜ ਦੀ ਖੇਡ ਕਮੇਟੀ ਦੇ ਚੇਅਰਮੈਨ ਡਾ. ਗੁਰਦੀਪ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ